ਭ੍ਰਿਸ਼ਟ ਪੁਲਿਸ ਵਾਲਿਆਂ ਖਿਲਾਫ ਵੱਡੀ ਕਾਰਵਾਈ, 6 ਥਾਣੇਦਾਰਾਂ ਸਣੇ 11 ਪੁਲਿਸ ਮੁਲਾਜ਼ਮ ਬਰਖਾਸਤ

69

ਪਟਿਆਲਾ: ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਘਿਰੇ 6 ਥਾਣੇਦਾਰਾਂ ਸਮੇਤ 11 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਤਰਫ ਕਰ ਦਿੱਤਾ ਹੈ। ਇਹ ਕਾਰਵਾਈ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਕੀਤੀ ਹੈ। ਬਰਤਰਫ ਕੀਤੇ ਗਏ ਥਾਣੇਦਾਰਾਂ ਵਿੱਚ ਇੱਕ ਮਹਿਲਾ ਥਾਣੇਦਾਰ ਵੀ ਸ਼ਾਮਲ ਹੈ। ਐਸਐਸਪੀ ਸਿੱਧੂ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਤੇ ਨਸ਼ਿਆਂ ਦੇ ਵੱਖ-ਵੱਖ ਮਾਮਲਿਆਂ ਵਿੱਚ ਸ਼ਮੂਲੀਅਤ ਸਾਹਮਣੇ ਆਉਣ ਕਾਰਨ ਇਨ੍ਹਾਂ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰਕੇ ਵਿਭਾਗੀ ਪੜਤਾਲ ਕੀਤੀ ਗਈ। ਪੜਤਾਲ ਵਿੱਚ ਦੋਸ਼ੀ ਪਾਏ ਜਾਣ ਕਾਰਨ ਇਨ੍ਹਾਂ ਨੂੰ ਨੌਕਰੀ ਤੋਂ ਬਰਤਰਫ ਕੀਤਾ ਗਿਆ ਹੈ। ਇਨ੍ਹਾਂ ਸਾਰੇ ਮੁਲਜ਼ਮਾਂ ਖਿਲਾਫ ਅਦਾਲਤਾਂ ਵਿੱਚ ਮਾਮਲੇ ਸੁਣਵਾਈ ਅਧੀਨ ਹਨ।

ਐਸਐਸਪੀ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਨੌਕਰੀ ਤੋਂ ਬਰਤਰਫ ਕੀਤੇ ਗਏ ਇਨ੍ਹਾਂ ਪੁਲਿਸ ਮੁਲਾਜ਼ਮਾਂ ਵਿੱਚ ਸਹਾਇਕ ਥਾਣੇਦਾਰ ਸ਼ਿਵਦੇਵ ਸਿੰਘ (71 ਪਟਿਆਲਾ) ਨੂੰ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਬਰਤਰਫ ਕੀਤਾ ਗਿਆ ਹੈ ਜਦਕਿ ਸਹਾਇਕ ਥਾਣੇਦਾਰ ਲੋਕਲ ਰੈਂਕ ਸਾਹਿਬ ਸਿੰਘ (3231 ਪਟਿਆਲਾ) ਨੂੰ 10 ਹਜ਼ਾਰ ਰੁਪਏ, ਸਹਾਇਕ ਥਾਣੇਦਾਰ ਲੋਕਲ ਰੈਂਕ ਟਹਿਲ ਸਿੰਘ (1947 ਪਟਿਆਲਾ) ਨੂੰ 35 ਹਜ਼ਾਰ ਰੁਪਏ, ਸਹਾਇਕ ਥਾਣੇਦਾਰ ਲੋਕਲ ਰੈਂਕ ਜੰਗੀਰ ਸਿੰਘ (3234 ਪਟਿਆਲਾ) ਨੂੰ ਦਸ ਹਜ਼ਾਰ ਰੁਪਏ, ਸਹਾਇਕ ਥਾਣੇਦਾਰ ਲੋਕਲ ਰੈਂਕ ਗੁਰਮੀਤ ਸਿੰਘ (2053 ਪਟਿਆਲਾ) ਤੇ ਹੈਡ ਕਾਂਸਟੇਬਲ ਹਰਜਿੰਦਰ ਸਿੰਘ (1937 ਪਟਿਆਲਾ) ਨੂੰ ਸਾਂਝੇ ਤੌਰ ‘ਤੇ 14 ਹਜ਼ਾਰ ਰੁਪਏ ਰਿਸ਼ਵਤ ਲੈਣ ਕਾਰਨ ਬਰਤਰਫ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਰਿਸ਼ਵਤ ਦੇ ਮਾਮਲੇ ਵਿੱਚ ਇੱਕ ਮਹਿਲਾ ਥਾਣੇਦਾਰ ਲੋਕਲ ਰੈਂਕ ਸੁਖਵਿੰਦਰ ਕੌਰ (304 ਪਟਿਆਲਾ) ਨੂੰ ਦਸ ਹਜ਼ਾਰ ਰੁਪਏ ਤੇ ਹੈਡ ਕਾਂਸਟੇਬਲ ਬਲਜਿੰਦਰ ਸਿੰਘ ਨੂੰ (1461 ਪਟਿਆਲਾ) ਨੂੰ 25 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿਚ ਨੌਕਰੀ ਤੋਂ ਬਰਤਰਫ ਕੀਤਾ ਗਿਆ ਹੈ। ਐਸਐਸਪੀ ਸਿੱਧੂ ਨੇ ਦੱਸਿਆ ਕਿ ਨਸ਼ਿਆਂ ਦੇ ਮਾਮਲਿਆਂ ਵਿੱਚ ਲਿਪਤ ਜਿਨ੍ਹਾਂ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਤਰਫ ਕੀਤਾ ਗਿਆ ਹੈ, ਉਨ੍ਹਾਂ ਵਿਚ ਹੈਡ ਕਾਂਸਟੇਬਲ ਅਮਰਜੀਤ ਸਿੰਘ (2943 ਪਟਿਆਲਾ), ਕਾਂਸਟੇਬਲ ਨਰਿੰਦਰਪਾਲ ਸਿੰਘ (2381 ਪਟਿਆਲਾ) ਤੇ ਕਾਂਸਟੇਬਲ ਗੁਰਪ੍ਰਤਾਪ ਸਿੰਘ (1217 ਪਟਿਆਲਾ) ਦੇ ਨਾਮ ਸ਼ਾਮਲ ਹਨ।

Leave A Reply

Your email address will not be published.