ਮਹਿਲਾ ਦਾ ਕੁਟਾਪਾ ਕਰਨ ਵਾਲੇ ਕੌਂਸਲਰ ਦੇ ਭਰਾ ‘ਤੇ ਕੈਪਟਨ ਦਾ ਵੱਡਾ ਐਕਸ਼ਨ

25

ਚੰਡੀਗੜ੍ਹ: ਸ੍ਰੀ ਮੁਕਤਸਰ ਸਾਹਿਬ ਦੀ ਇੱਕ ਔਰਤ ਨਾਲ ਕਾਂਗਰਸੀ ਕੌਂਸਲਰ ਦੇ ਭਰਾ ਤੇ ਉਸ ਦੇ ਸਾਥੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਮੁੱਖ ਮੰਤਰੀ ਨੇ ਨੋਟਿਸ ਲੈ ਲਿਆ ਹੈ। ਕੈਪਟਨ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਵਿੱਚ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ (ਧਾਰਾ 307) ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਤੋਂ ਇਲਾਵਾ ਇਸ ਮਾਮਲੇ ਦਾ ਨੋਟਿਸ ਪੰਜਾਬ ਮਹਿਲਾ ਕਮਿਸ਼ਨ ਨੇ ਵੀ ਲੈ ਲਿਆ ਹੈ। ਮਹਿਲਾ ਕਮਿਸ਼ਨ ਨੇ 20 ਜੂਨ ਨੂੰ ਸਬੰਧਤ ਪੁਲਿਸ ਅਧਿਕਾਰੀਆਂ ਤੋਂ ਰਿਪੋਰਟ ਤਲਬ ਕੀਤੀ ਹੈ। ਕੈਪਟਨ ਨੇ ਆਪਣੀ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈ ਤੇ ਅਜਿਹੀਆਂ ਹਿੰਸਕ ਘਟਨਾਵਾਂ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸ੍ਰੀ ਮੁਕਤਸਰ ਸਾਹਿਬ ਦੇ ਬੂੜਾ ਗੁੱਜਰ ਰੋਡ ‘ਤੇ ਕਈ ਨੌਜਵਾਨਾਂ ਵੱਲੋਂ ਨੇ ਇੱਕ ਘਰ ਵਿੱਚ ਰਹਿੰਦੀਆਂ ਔਰਤਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ। ਔਰਤ ਨੂੰ ਕੁੱਟਣ ਵਾਲੇ ਨੌਜਵਾਨਾਂ ਵਿੱਚੋਂ ਇੱਕ ਮੁਕਤਸਰ ਦੇ ਵਾਰਡ ਨੰਬਰ 29 ਦੇ ਕੌਂਸਲਰ ਰਾਕੇਸ਼ ਚੌਧਰੀ ਦਾ ਭਰਾ ਸੰਨੀ ਚੌਧਰੀ ਹੈ। ਰਾਕੇਸ਼ ਚੌਧਰੀ ਕਾਂਗਰਸ ਪਾਰਟੀ ਨਾਲ ਸਬੰਧਤ ਹੈ। ਇਸ ਘਟਨਾ ਨੂੰ ਮਹਿਲਾ ਦੇ ਪੁੱਤਰ ਪਾਰਸ ਨੇ ਮੋਬਾਈਲ ਵਿੱਚ ਕੈਦ ਕਰ ਲਿਆ ਸੀ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਾਂਗਰਸੀ ਕੌਂਸਲਰ ਦਾ ਭਰਾ ਸੰਨੀ ਤੇ ਉਸ ਦੇ ਸਾਥੀ ਨੌਜਵਾਨ ਔਰਤ ‘ਤੇ ਅਣਗਿਣਤ ਵਾਰ ਕਰਦੇ ਹਨ। ਨੌਜਵਾਨ ਬੈਲਟ ਦੇ ਨਾਲ-ਨਾਲ ਮੀਨਾ ਰਾਣੀ ਨੂੰ ਥੱਪੜ, ਘਸੁੰਨ ਤੇ ਲੱਤਾਂ ਵੀ ਮਾਰਦੇ ਹਨ।

ਕੌਂਸਲਰ ਰਾਕੇਸ਼ ਚੌਧਰੀ ਇਹ ਵੀ ਕਹਿੰਦੇ ਵਿਖਾਈ ਦੇ ਰਹੇ ਹਨ ਕਿ ਜਿਸ ਔਰਤ ਨਾਲ ਉਸ ਦੇ ਭਰਾ ਨੇ ਕੁੱਟ ਮਾਰ ਕੀਤੀ ਹੈ ਉਹ ਵੀ ਉਨ੍ਹਾਂ ਦੀ ਰਿਸ਼ਤੇਦਾਰ ਹੈ ਅਤੇ ਇਹ ਮਾਮਲਾ ਉਨ੍ਹਾਂ ਦਾ ਆਪਸੀ ਹੈ। ਆਪਣੇ ਭਰਾ ਦਾ ਪੱਖ ਲੈਂਦਿਆਂ ਕਾਂਗਰਸੀ ਲੀਡਰ ਨੇ ਇਹ ਵੀ ਕਹਿ ਦਿੱਤਾ ਕਿ ਉਸ ਦਾ ਭਰਾ ਕਿਹੜਾ ਕਿਰਪਾਨਾਂ ਲੈ ਕੇ ਗਿਆ ਸੀ, ਗੁੱਸਾ ਸੀ ਕੱਢ ਦਿੱਤਾ। ਘਟਨਾ ਦੀ ਵੀਡੀਓ ਵੱਡੇ ਪੱਧਰ ‘ਤੇ ਵਾਇਰਲ ਹੋਈ ਸੀ ਅਤੇ ਹੁਣ ਇਸ ਮਾਮਲੇ ‘ਤੇ ਕੈਪਟਨ ਨੇ ਵੀ ਐਕਸ਼ਨ ਲੈ ਲਿਆ ਹੈ।

Leave A Reply

Your email address will not be published.