ਮਿਲਕ ਪਲਾਂਟ ਸੰਚਾਲਕ ਤੋਂ ਗੱਡੀ ਖੋਹਣ ਵਾਲੇ 2 ਲੁਟੇਰੇ ਕਾਬੂ

139

ਮੋਗਾ  : ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦ ਮਿਲਕ ਪਲਾਂਟ ਸੰਚਾਲਕ ਤੋਂ ਪਿਸਤੌਲ ਦੇ ਬਲ ‘ਤੇ 23 ਅਕਤੂਬਰ ਦੀ ਰਾਤ ਨੂੰ ਮੋਗਾ-ਲੁਧਿਆਣਾ ਜੀ. ਟੀ. ਰੋਡ ਤੋਂ ਕਰੇਟਾ ਗੱਡੀ ਖੋਹ ਕੇ ਫਰਾਰ ਹੋਣ ਵਾਲੇ 2 ਵਿਅਕਤੀਆਂ ਨੂੰ ਚੋਰੀ ਦੀ ਗੱਡੀ ਸਮੇਤ ਗ੍ਰਿਫਤਾਰ ਕੀਤਾ।

ਜ਼ਿਲਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ 23 ਅਕਤੂਬਰ ਦੀ ਰਾਤ ਨੂੰ ਮਿਲਕ ਪਲਾਂਟ ਸੰਚਾਲਕ ਚੰਦਰ ਸ਼ੇਖਰ ਆਸ਼ੂ ਨਿਵਾਸੀ ਰੂਪ ਬਿਹਾਰ ਮੋਗਾ ਆਪਣੇ ਇਕ ਹੋਰ ਸਾਥੀ ਨਾਲ ਚੰਡੀਗੜ੍ਹ ਤੋਂ ਮੋਗਾ ਆ ਰਿਹਾ ਸੀ, ਜਦ ਹੀ ਉਹ ਮਹਿਣਾ ਕੋਲ ਪੁੱਜਿਆ ਤਾਂ ਪਿੱਛੋਂ ਬਰੀਜ਼ਾ ਸਵਾਰ 2 ਵਿਅਕਤੀਆਂ ਨੇ ਉਸ ਦੀ ਗੱਡੀ ਨੂੰ ਟੱਕਰ ਮਾਰੀ, ਜਦ ਆਸ਼ੂ ਨੇ ਗੱਡੀ ਰੋਕ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਪਿਸਤੌਲ ਦੇ ਬਲ ‘ਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਕੇ ਆਸ਼ੂ ਕੋਲੋਂ ਗੱਡੀ ਖੋਹ ਲਈ ਤੇ ਫਰਾਰ ਹੋ ਗਏ। ਇਸ ਸਬੰਧੀ ਮਹਿਣਾ ਪੁਲਸ ਵੱਲੋਂ ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਸੀਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਤੇ ਆਸ-ਪਾਸ ਦੇ ਇਲਾਕਿਆਂ ‘ਚ ਲੱਗੇ ਸਾਰੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ, ਜਿਸ ‘ਤੇ ਅਸੀਂ ਮੋਗਾ-ਅੰਮ੍ਰਿਤਸਰ ਰੋਡ ‘ਤੇ ਪਿੰਡ ਲੁਹਾਰਾ ‘ਚ ਬਾਬਾ ਦਾਮੂ ਸ਼ਾਹ ਦੀ ਦਰਗਾਹ ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਰਾਹੀਂ ਸਾਨੂੰ ਉਕਤ ਕਰੇਟਾ ਗੱਡੀ ਦਾ ਪਹਿਲਾਂ ਸੁਰਾਗ ਮਿਲਿਆ, ਜਦ ਅਸੀਂ ਗੱਡੀ ਖੋਹਣ ਵਾਲੇ ਲੁਟੇਰਿਆਂ ਦੀ ਤਲਾਸ਼ ਲਈ ਕਈ ਜਗ੍ਹਾ ਛਾਪੇਮਾਰੀ ਕੀਤੀ ਤਾਂ ਖੋਹੀ ਗਈ ਗੱਡੀ ਜ਼ੀਰਾ ਰੋਡ ਕੋਲ ਹਾਦਸਾਗ੍ਰਸਤ ਮਿਲੀ, ਜਿਸ ਨੂੰ ਮਹਿਣਾ ਪੁਲਸ ਨੇ ਆਪਣੇ ਕਬਜ਼ੇ ‘ਚ ਲੈ ਲਿਆ ਸੀ।

ਸਾਨੂੰ ਸੂਤਰਾਂ ਦੇ ਆਧਾਰ ‘ਤੇ ਪਤਾ ਲੱਗਾ ਕਿ ਉਕਤ ਲੁਟੇਰੇ ਜ਼ਿਲ਼ੇ ਦੇ ਪਿੰਡ ਮੰਦਰ ਦੇ ਰਹਿਣ ਵਾਲੇ ਹਨ। ਅਸੀਂ ਸ਼ੱਕ ਦੇ ਆਧਾਰ ‘ਤੇ ਕਈ ਲੜਕਿਆਂ ਤੋਂ ਪੁੱਛ-ਗਿੱਛ ਵੀ ਕੀਤੀ ਅਤੇ ਪਿੰਡ ਮੰਦਰ ਨਿਵਾਸੀ ਇਕ ਲੜਕੇ ਨੂੰ ਕਪੂਰਥਲਾ ਜੇਲ ‘ਚੋਂ ਪ੍ਰਾਡਕਸ਼ਨ ਵਾਰੰਟ ਦੇ ਆਧਾਰ ‘ਤੇ ਲਿਆਂਦਾ ਗਿਆ ਸੀ ਤਾਂ ਉਨ੍ਹਾਂ ਨੇ ਗੱਡੀਆਂ ਖੋਹਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਰਣਜੋਤ ਸਿੰਘ ਅਤੇ ਅਰਸ਼ਦੀਪ ਸਿੰਘ ਦੋਨੋਂ ਨਿਵਾਸੀ ਪਿੰਡ ਮੰਦਰ ਨੂੰ ਮੋਗਾ ਦੇ ਕੈਂਪ ਭੀਮ ਨਗਰ ਰੇਡੀਮੇਡ ਕੱਪੜਾ ਵਪਾਰੀ ਰਿਸ਼ੀ ਕੁਮਾਰ ਤੋਂ 25 ਜੂਨ 2018 ਦੀ ਅੱਧੀ ਰਾਤ ਨੂੰ ਪਿਸਤੌਲ ਦੀ ਨੋਕ ‘ਤੇ ਖੋਹੀ ਗਈ ਉਸ ਦੀ ਬਰੀਜ਼ਾ ਗੱਡੀ ਉਸ ਸਮੇਂ ਖੋਹੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਰਘੁਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਹੈ, ਗ੍ਰਿਫਤਾਰ ਕੀਤੇ ਗਏ ਲੁਟੇਰੇ ਲੜਕਿਆਂ ਨੂੰ ਅੱਜ ਮਾਣਯੋਗ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਨ੍ਹਾਂ ਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਦਿੱਤਾ, ਜ਼ਿਲਾ ਪੁਲਸ ਮੁਖੀ ਗੁਲਨੀਤ ਸਿੰਘ ਨੇ ਅੱਗੇ ਦੱਸਿਆ ਕਿ ਕਥਿਤ ਦੋਸ਼ੀਆਂ ਤੋਂ ਪੁੱਛ-ਗਿੱਛ ਸਮੇਂ ਹੋਰ ਵੀ ਕਈ ਗੱਡੀਆਂ ਖੋਹਣ ਦੇ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ।

Leave A Reply

Your email address will not be published.