ਮੁੱਖ ਮੰਤਰੀ ਨੇ ‘ਚਾਰ ਤਮਾਸ਼ਬੀਨ ਪੁਲਸੀਏ’ ਕੀਤੇ ਬਰਖ਼ਾਸਤ |

2,163

ਚੰਡੀਗੜ੍ਹ (ਕੇ.ਐਸ ਬਨਵੈਤ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ੇ ਦੇ ਤਸਕਰਾਂ ਵਲੋਂ ਪਿੰਡ ਚੌਗਾਵਾਂ ਵਿਚ ਪੰਜਾਬ ਪੁਲਿਸ ਦੇ ਥਾਣੇਦਾਰ ਦੀ ਕੁੱਟਮਾਰ ਕਰਨ ਦਾ ਗੰਭੀਰ ਨੋਟਿਸ ਲਿਆ ਹੈ। ਮੁੱਖ ਮੰਤਰੀ ਨੇ ਇੰਸਪੈਕਟਰ ਨਾਲ ਗਏ ਚਾਰ ਤਮਾਸ਼ਬੀਨ ਪੁਲਸੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਹੈ। ਇਨ੍ਹਾਂ ‘ਤੇ ਪੀੜਤ ਥਾਣੇਦਾਰ ਦੀ ਮਦਦ ਲਈ ਅੱਗੇ ਨਾ ਆਉਣ ਦਾ ਦੋਸ਼ ਹੈ।

ਮੁੱਖ ਮੰਤਰੀ ਨੇ ਪੰਜਾਬ ਪੁਲਿਸ ਦੇ ਮੁਖੀ ਦਿਨਕਰ ਗੁਪਤਾ ਨੂੰ ਕਿਹਾ ਹੈ ਕਿ ਬਾਰਡਰ ਰੇਂਜ ਆਈਜੀ ਤੋਂ ਘਟਨਾ ਦੀ ਜਾਂਚ ਕਰਵਾਈ ਜਾਵੇ। ਸਰਕਾਰ ਨੂੰ ਹੁਣ ਤਕ ਮਿਲੀ ਰੀਪੋਰਟ ਅਨੁਸਾਰ ਥਾਣੇਦਾਰ ਬਲਦੇਵ ਸਿੰਘ ਦੀ ਅਗਵਾਈ ਵਿਚ ਇਕ ਟੀਮ ਜਿਸ ਵਿਚ ਏ.ਐਸ.ਆਈ ਸ਼ਵਿੰਦਰ ਸਿੰਘ, ਹੌਲਦਾਰ ਗੁਰਮਿੰਦਰ ਸਿੰਘ ਅਤੇ ਸਿਪਾਹੀ ਨਿਸ਼ਾਨ ਸਿੰਘ ਸਮੇਤ ਹੋਮ ਗਾਰਡ ਦਾ ਇਕ ਜਵਾਨ ਦਰਸ਼ਨ ਸਿੰਘ ਸ਼ਾਮਲ ਸੀ।

ਤਰਨਤਾਰਨ ਦੇ ਪਿੰਡ ਚੌਗਾਵਾਂ ਵਿਚ ਨਸ਼ੇ ਫੜਨ ਲਈ ਛਾਪੇਮਾਰੀ ਲਈ ਗਏ ਸਨ। ਜਿਥੇ ਪਿੰਡ ਵਾਲਿਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਮੁੱਖ ਮੰਤਰੀ ਨੇ ਸਬੰਧਤ ਐਸ.ਐਚ.ਓ. ਝਿਲਮਿਲ ਸਿੰਘ ਨੂੰ ਲਾਈਨ ਹਾਜ਼ਰ ਕਰ ਦਿਤਾ ਹੈ। ਮੁੱਖ ਮੰਤਰੀ ਨੇ ਘਟਨਾ ਦੀ ਵਾਇਰਲ ਹੋਈ ਵੀਡੀਉ ਨੂੰ ਆਧਾਰ ਬਣਾ ਕੇ ਟਵੀਟ ਕੀਤਾ ਹੈ ਕਿ ਪਿੰਡ ਦੇ ਲੋਕ ਥਾਣੇਦਾਰ ਨੂੰ ਬੁਰੀ ਤਰ੍ਹਾਂ ਕੁੱਟ ਰਹੇ ਹਨ ਜਦਕਿ ਪੁਲਿਸ ਦੇ ਦੂਜੇ ਜਵਾਨ ਮਦਦ ਕਰਨ ਦੀ ਥਾਂ ਕੋਲ ਖੜੇ ਤਮਾਸ਼ਾ ਵੇਖ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਨਾ ਤਾਂ ਵਰਦੀਧਾਰੀ ਪੁਲਿਸ ਦਾ ਕੁੱਟ ਖਾਣਾ ਅਤੇ ਨਾ ਹੀ ਲੋਕਾਂ ਦੀ ਇਸ ਵਧੀਕੀ ਨੂੰ ਮੰਜ਼ੂਰ ਕੀਤਾ ਜਾ ਸਕਦਾ ਹੈ। ਪੁਲਿਸ ਨੇ ਹਮਲਾਵਰ ਸ਼ਮਸ਼ੇਰ ਸਿੰਘ, ਗੁਰਜਿੰਦਰ ਸਿੰਘ ਅਤੇ ਸ਼ੁਭ ਸਮੇਤ ਪੰਜ ਜਣਿਆਂ ਵਿਰੁਧ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਖੀ ਦਿਨਕਰ ਗੁਪਤਾ ਨੇ ਦਸਿਆ ਕਿ ਪੁਲਿਸ ਦੀ ਇਕ ਪਾਰਟੀ ਪਿੰਡ ਚੌਗਾਵਾਂ ਵਿਚ ਸ਼ੱਕੀ ਤਸਕਰਾਂ ਦੇ ਘਰ ਛਾਪਾ ਮਾਰਨ ਗਈ ਸੀ ਜਿਥੇ ਪਿੰਡ ਦੇ ਸਾਬਕਾ ਸਰਪੰਚ ਸਮੇਤ ਇਕ ਦਰਜਨ ਲੋਕਾਂ ਨੇ ਥਾਣੇਦਾਰ ਬਲਦੇਵ ਸਿੰਘ ਦੀ ਕੁੱਟਮਾਰ ਕੀਤੀ।

Leave A Reply

Your email address will not be published.