ਰੋਡਵੇਜ਼ ਹੜਤਾਲ : 2 ਦਿਨ ਬੰਦ ਰਹੇਗਾ ਪੂਰਾ ਹਰਿਆਣਾ

184

ਚੰਡੀਗੜ੍ਹ— ਹਰਿਆਣਾ ‘ਚ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਜਿੱਦ ਦਾ ਵਿਸ਼ਾ ਬਣਦੀ ਨਜ਼ਰ ਆ ਰਹੀ ਹੈ। ਨਾ ਹੀ ਕਰਮਚਾਰੀ ਛੁੱਕਣ ਲਈ ਤਿਆਰ ਹਨ ਤੇ ਨਾ ਹੀ ਸਰਕਾਰ ਪਿੱਛੇ ਹਟਣ ਲਈ ਤਿਆਰ ਹੈ। ਇਸ ਨਾਲ ਪ੍ਰਦੇਸ਼ ਦੇ ਲੋਕਾਂ ਲਈ ਪ੍ਰੇਸ਼ਾਨੀ ਪੈਦਾ ਹੋ ਗਈ ਹੈ। ਇਹ ਹੜਤਾਲ ਸੋਮਵਾਰ ਨੂੰ 14ਵੇਂ ਦਿਨ ਵੀ ਜਾਰੀ ਰਹੀ। ਇਸ ਦੇ ਨਾਲ ਹੀ ਸਰਕਾਰ ਨੇ ਵੀ ਆਪਣਾ ਰਵੱਈਆ ਸਖਤ ਕਰ ਦਿੱਤਾ ਹੈ ਤੇ ਕਾਫੀ ਵੱਡੀ ਗਿਣਤੀ ‘ਚ ਹੜਤਾਲ ਕਰ ਰਹੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਹੈ। ਇਸ ਦੇ ਨਾਲ ਹੀ ਰੋਡਵੇਜ਼ ਕਰਮਚਾਰੀਆਂ ਦੇ ਸਮਰਥਨ ‘ਚ ਕਰੀਬ 140 ਕਰਮਚਾਰੀ ਸੰਗਠਨਾਂ ਨੇ 30 ਤੇ 31 ਅਕਤੂਬਰ ਨੂੰ ਵੀ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਕਰਮਚਾਰੀ ਦਫਤਰਾਂ ‘ਚ ਵੀ ਕੰਮ ਨਹੀਂ ਹੋਣ ਨਾਲ ਲੋਕਾਂ ਦੀ ਪ੍ਰੇ੍ਰਸ਼ਾਨੀ ਵਧੇਗੀ।
ਸਰਕਾਰ ਦਾ ਦਾਅਵਾ ਹੈ ਕਿ ਰੋਡਵੇਜ਼ ਦੀਆਂ ਕੁਲ 4083 ਬੱਸਾਂ ‘ਚੋਂ ਹੁਣ 2503 ਬੱਸਾਂ ਚੱਲ ਰਹੀਆਂ ਹਨ ਪਰ ਹਕੀਕਤ ਇਸ ਤੋਂ ਕਾਫੀ ਵੱਖਰੀ ਨਜ਼ਰ ਆ ਰਹੀ ਹੈ ਤੇ ਯਾਤਰੀ ਭਟਕਣ ਲਈ ਮਜ਼ਬੂਰ ਹਨ। ਹਰਿਆਣਾ ਸਰਕਾਰ ਨੇ ਬਰਖਾਸਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਸਰਕਾਰ ਨੇ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰ ਦੇ ਸੀਜ਼ਨ ਨੂੰ ਦੇਖਦਿਆਂ ਜਨਹਿੱਤ ‘ਚ ਕੰਮ ‘ਤੇ ਪਰਤ ਆਉਣ। ਸਰਕਾਰ ਉਨ੍ਹਾਂ ਦੀਆਂ ਸਾਰੀਆਂ ਮੰਗਾਂ ‘ਤੇ ਸਲਾਹ ਮਸ਼ਵਰਾ ਕਰਨ ਲਈ ਤਿਆਰ ਹੈ।
ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਵੱਡੀ ਗਿਣਤੀ ‘ਚ ਕਰਮਚਾਰੀ ਹੜਤਾਲ ਛੱਡ ਕੇ ਕੰਮ ‘ਤੇ ਪਰਤ ਰਹੇ ਹਨ। ਐਤਵਾਰ ਨੂੰ 350 ਕਰਮਚਾਰੀ ਡਿਊਟੀ ‘ਤੇ ਪਰਤ ਆਏ ਹਨ। ਦੂਜੇ ਪਾਸੇ, ਗ੍ਰਿਫਤਾਰੀ ਨੂੰ ਦੇਖਦਿਆਂ ਕਰਮਚਾਰੀ ਨੇਤਾ ਭੂਮਿਗਤ ਹੋ ਗਏ ਹਨ। ਹੁਣ ਤਕ 17 ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ‘ਚ ਵੱਡੇ ਨੇਤਾ ਵੀ ਸ਼ਾਮਲ ਹਨ। ਆਵਾਜਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ ਧਨਪਤ ਸਿੰਘ ਨੇ ਦਾਅਵਾ ਕੀਤਾ ਕਿ ਐਤਵਾਰ ਨੂੰ 2503 ਬੱਸਾਂ ਸੜਕਾਂ ‘ਤੇ ਚੱਲੀਆਂ। ਇਹ ਗਿਣਤੀ ਇਕ ਦਿਨ ਪਹਿਲਾਂ ਤੋਂ 100 ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਰਮਚਾਰੀਆਂ ਦਾ ਰਵੱਈਆ ਨਹੀਂ ਬਦਲਿਆਂ ਤਾਂ ਕਾਰਵਾਈ ਵਧਾਈ ਜਾਵੇਗੀ। ਉਨ੍ਹਾਂ ਕਿਹਾ ਕਿ ਤਿਉਹਾਰ ਦੇ ਮੱਦੇਨਜ਼ਰ ਕਰਮਚਾਰੀ ਕੰਮ ‘ਤੇ ਪਰਤ ਆਉਣ।
ਲੰਬੀ ਚੱਲੀ ਆ ਰਹੀ ਹੜਤਾਲ ਦੇ ਸੋਮਵਾਰ ਨੂੰ 14 ਦਿਨ ਪੂਰੇ ਹੋ ਗਏ। ਰੋਡਵੇਜ਼ ਯੂਨੀਅਨਾਂ ਦੇ ਰਵੱਈਏ ‘ਚ ਕੋਈ ਬਦਲਾਅ ਨਹੀਂ ਆਇਆ ਹੈ। ਯੂਨੀਅਨ ਨੇਤਾ ਅੱਜ ਗੁੱਪਤ ਮੀਟਿੰਗ ਕਰ ਅਗਲੀ ਰਣਨੀਤੀ ਦਾ ਐਲਾਨ ਕਰਨਗੇ। ਰੋਡਵੇਜ਼ ਕਰਮਚਾਰੀ ਯੂਨੀਅਨ ਦੀ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਹਰੀਨਾਰਾਇਣ ਸ਼ਰਮਾ, ਵੀਰੇਂਦਰ ਧਨਖੜ, ਦਲਬੀਰ ਕਿਰਮਾਰਾ ਤੇ ਹੋਰਾਂ ਨੇ ਸੰਯੁਕਤ ਬਿਆਨ ਜਾਰੀ ਕਰ ਕਿਹਾ ਕਿ ਸਰਕਾਰ ਦੀ ਦਮਨਕਾਰੀ ਨੀਤੀ ਨਾਲ ਅਸੀਂ ਘਬਰਾਉਣ ਵਾਲੇ ਨਹੀਂ ਹਨ। ਸਰਵ ਕਰਮਚਾਰੀ ਸੰਘ ਦੇ ਜਨਰਲ ਸਕੱਤਰ ਸੁਭਾਸ਼ ਲਾਂਬਾ ਮੁਤਾਬਕ 30 ਤੇ 31 ਅਕਤੂਬਰ ਦੀ 2 ਦਿਨਾਂ ਹੜਤਾਲ ‘ਚ ਵੀ ਸਾਰੇ ਸਰਕਾਰੀ ਵਿਭਾਗਾਂ, ਬੋਰਡਾਂ, ਨਿਗਮਾਂ, ਯੂਨੀਵਰਸਿਟੀਆਂ, ਪ੍ਰੀਸ਼ਦਾਂ, ਸਹਿਕਾਰੀ ਕਮੇਟੀਆਂ, ਪੰਚਾਇਤ ਕਮੇਟੀਆਂ, ਕੇਂਦਰ ਤੇ ਰਾਜ ਵੱਲੋਂ ਸੰਚਾਲਿਤ ਪ੍ਰੋਜੈਕਟ ‘ਚ ਕੰਮ ਕਰ ਰਹੇ ਲੱਖਾਂ ਕਰਮਚਾਰੀ ਸ਼ਾਮਲ ਹੋਣਗੇ।

Leave A Reply

Your email address will not be published.