ਲੋਕਾਂ ਦੇ ਭਾਰੀ ਵਿਰੋਧ ਨੂੰ ਦੇਖਦਿਆਂ ਬਾਦਲ ਪਰਿਵਾਰ ਦੀ ਸੁਰੱਖਿਆ ਵਧਾਉਣ ‘ਤੇ ਕੀਤਾ ਜਾਵੇਗਾ ਵਿਚਾਰ: ਜਾਖੜ

344

ਬਟਾਲਾ – ਸੋਮਵਾਰ ਨੂੰ ਬਟਾਲਾ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਸੰਸਦੀ ਮੈਂਬਰ ਸੁਨੀਲ ਜਾਖੜ ਤੇ ਪ੍ਰਸਿੱਧ ਸਅਨਤਕਾਰ ਜਵਾਹਰ ਮਰਵਾਹ ਦੇ ਫੈਕਟਰੀ ਕੰਪਲੈਕਸ ਵਿਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਬੇਅਦਬੀ ਮਾਮਲਿਆਂ ਵਿਚ ਲੋਕਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰ ਰਹੇ ਬਾਦਲ ਪਰਿਵਾਰ ਦੀ ਸੁਰੱਖਿਆ ਵਧਾਉਣ ਲਈ ਡੂੰਘਾਈ ਨਾਲ ਪੰਜਾਬ ਸਰਕਾਰ ਵਿਚਾਰ-ਵਟਾਂਦਰਾ ਕਰੇਗੀ ਅਤੇ ਲੋੜ ਪੈਣ ‘ਤੇ ਲੋਕਾਂ ਕੋਲੋਂ ਬਾਦਲਾਂ ਨੂੰ ਬਚਾਉਣ ਲਈ ਨਜ਼ਰਬੰਦ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਕਹਿਣਗੇ ਕਿ ਬਾਦਲਾਂ ਨੂੰ ਦੋ ਬੁਲਟਪਰੂਫ ਗੱਡੀਆਂ ਮੁਹੱਈਆ ਕਰਵਾਈਆਂ ਜਾਣ ਅਤੇ ਉਨ੍ਹਾਂ ਦੀ ਸੁਰੱਖਿਆ ਵਿਚ ਹੋਰ ਵਾਧਾ ਕੀਤਾ ਜਾਵੇ।

ਬਟਾਲਾ ਦੀ ਡੁੱਬ ਰਹੀ ਇੰਡਸਟਰੀ ਬਾਰੇ ਪੁੱਛੇ ਗਏ ਸਵਾਲ ਦੇ ਜੁਆਬ ਵਿਚ ਜਾਖੜ ਨੇ ਕਿਹਾ ਕਿ ਹੁਣ 2019 ਦੀਆਂ ਲੋਕ ਚੋਣਾਂ ਤੋਂ ਬਾਅਦ ਕੇਂਦਰ ਵਿਚ ਸੱਤਾ ਪਰਿਵਰਤਨ ਹੋਵੇਗਾ ਅਤੇ ਉਹ ਬਟਾਲਾ ਦੇ ਨਾਲ-ਨਾਲ ਪੰਜਾਬ ਤੋਂ ਵੀ ਸਨਅਤਕਾਰਾਂ ਦਾ ਇਕ ਵਫਦ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਗੇ ਅਤੇ ਪੰਜਾਬ ਤੇ ਬਟਾਲਾ ਦੀ ਇੰਡਸਟਰੀ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫਰੇਟ ਈਕੋਲਾਈਜ਼ੇਸ਼ਨ ‘ਤੇ ਸਬਸਿਡੀ  ਬਟਾਲਾ ਨੂੰ ਪਹਿਲਾਂ ਦਿੱਤੀ ਜਾਂਦੀ ਸੀ ਤੇ ਉਸ ਨੂੰ ਵੀ ਦੁਬਾਰਾ ਸ਼ੁਰੂ ਕਰਵਾਉਣ ਲਈ ਰਾਹੁਲ ਗਾਂਧੀ ਤੋਂ ਮੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ ਪੰਜਾਬ ਫਿਰ ਖੁਸ਼ਹਾਲੀ ਤੇ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹੇਗਾ। ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਨਅਤਕਾਰ ਜਵਾਹਰ ਮਰਵਾਹ, ਵਰਿੰਦਰ ਸ਼ਰਮਾ, ਭਾਰਤ ਭੂਸ਼ਨ ਅਗਰਵਾਲ ਤੇ ਹੋਰ ਹਾਜ਼ਰ ਸਨ।

Leave A Reply

Your email address will not be published.