ਵਿਦੇਸ਼ਾਂ ‘ਚ ਫਸੀਆਂ ਪੰਜਾਬਣਾਂ ਲਈ ‘ਆਪ’ ਵਿਧਾਇਕਾਂ ਖੜਕਾਇਆ ਕੇਂਦਰੀ ਬੂਹਾ

29

ਚੰਡੀਗੜ੍ਹ: ਅਕਾਲੀ ਦਲ ਮਗਰੋਂ ਹੁਣ ਆਮ ਆਦਮੀ ਪਾਰਟੀ ਨੇ ਵੀ ਵਿਦੇਸ਼ਾਂ ਵਿੱਚ ਫਸੀਆਂ ਪੰਜਾਬਣਾਂ ਨੂੰ ਬਚਾਉਣ ਲਈ ਆਵਾਜ਼ ਚੁੱਕੀ ਹੈ। ਪੰਜਾਬ ‘ਆਪ’ ਦੇ ਵਿਧਾਇਕਾਂ ਨੇ ਆਸਟ੍ਰੇਲੀਆ ਤੇ ਕੁਵੈਤ ਵਿੱਚ ਫਸੀਆਂ ਪੰਜਾਬ ਦੀਆਂ ਦੋ ਧੀਆਂ ਦੀ ਵਤਨ ਵਾਪਸੀ ਲਈ ਕੇਂਦਰੀ ਵਿਦੇਸ਼ ਮੰਤਰਾਲੇ ਕੋਲ ਪਹੁੰਚ ਕੀਤੀ ਹੈ। ਵਿਧਾਇਕਾਂ ਨੇ ਏਜੰਟਾਂ ਨੂੰ ਨੱਥ ਨਾ ਪਾਉਣ ਵਾਸਤੇ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ‘ਤੇ ਵੀ ਖ਼ੂਬ ਨਿਸ਼ਾਨੇ ਲਾਏ।

ਪਾਰਟੀ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਗੜ੍ਹਸ਼ੰਕਰ ਤੋਂ ਵਿਧਾਇਕ ਤੇ ਐਨਆਰਆਈ ਵਿੰਗ ਦੇ ਸੂਬਾ ਪ੍ਰਧਾਨ ਜੈ ਕਿਸ਼ਨ ਸਿੰਘ ਰੋੜੀ ਨੇ ਦਿੱਲੀ ਵਿੱਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਕੇ ਧਾਰੀਵਾਲ (ਗੁਰਦਾਸਪੁਰ) ਦੀ ਸੰਯੁਕਤ ਅਰਬ ਅਮੀਰਾਤ ਯੂਏਈ ਵਿੱਚ ਫਸੀ ਮਹਿਲਾ ਤੇ ਆਸਟ੍ਰੇਲੀਆ ਵਿੱਚ ਫਸੀ ਮਾਲਵੇ ਦੀ ਇੱਕ ਹੋਰ ਲੜਕੀ ਦੀ ਵਤਨ ਵਾਪਸੀ ਲਈ ਭਾਰਤੀ ਵਿਦੇਸ਼ ਸੇਵਾ (ਆਈਐਫਐਸ) ਦੇ ਅਧੀਨ ਸਕੱਤਰ ਡਾਕਟਰ ਜੀਡੀ ਪਾਂਡੇ ਸਮੇਤ ਹੋਰ ਅਧਿਕਾਰੀਆਂ ਨੂੰ ਮਿਲੇ।

ਵਿਧਾਇਕ ਸੰਧਵਾਂ ਤੇ ਰੋੜੀ ਨੇ ਕਿਹਾ ਕਿ ਸਰਕਾਰਾਂ ਦੀ ਬੇਰੁਖ਼ੀ ਤੇ ਢਿੱਲੀ ਪਹੁੰਚ ਕਾਰਨ ਅੱਜ ਹਰ ਸ਼ਹਿਰ ਵਿੱਚ ਫ਼ਰਜ਼ੀ ਟ੍ਰੈਵਲ ਏਜੰਟਾਂ ਦੇ ਗੈਂਗ ਚੱਲ ਰਹੇ ਹਨ। ਜੋ ਭੋਲੇ-ਭਾਲੇ ਜ਼ਰੂਰਤਮੰਦ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਗ਼ਲਤ ਵੀਜ਼ਿਆਂ ਉੱਤੇ ਵਿਦੇਸ਼ੀ ਜਹਾਜ਼ ਭਰ ਰਹੇ ਹਨ,ਪ੍ਰੰਤੂ ਉੱਥੇ ਪਹੁੰਚ ਕੇ ਸਾਡੇ ਲੜਕੇ ਅਤੇ ਲੜਕੀਆਂ ਭਾਰੀ ਮੁਸੀਬਤਾਂ ਵਿੱਚ ਫਸ ਜਾਂਦੇ ਹਨ।

ਕੁਲਤਾਰ ਸਿੰਘ ਸੰਧਵਾਂ ਨੇ ਮੰਗ ਕੀਤੀ ਕਿ ਗ਼ਲਤ ਤਰੀਕੇ ਅਤੇ ਵੀਜਾ ਸ੍ਰੇਣੀ ਪ੍ਰਤੀ ਧੋਖੇ ਵਿੱਚ ਰੱਖ ਕੇ ਵਿਦੇਸ਼ ਭੇਜਣ ਵਾਲੇ ਠੱਗ ਟ੍ਰੈਵਲ ਏਜੰਟਾਂ ਪ੍ਰਤੀ ‘ਜ਼ੀਰੋ ਟੋਲਰੈਂਸ’ ਵਾਲੀ ਨੀਤੀ ਅਪਣਾਈ ਜਾਵੇ। ਅਜਿਹੇ ਕੇਸਾਂ ਵਿੱਚ ਸਰਕਾਰ ਨਾ ਸਿਰਫ ਟਰੈਵਲ ਏਜੰਟਾਂ ਨੂੰ ਅੰਦਰ ਕਰੇ, ਸਗੋਂ ਉਨ੍ਹਾਂ ਦੀ ਦੁਕਾਨ ਬੰਦ ਕਰਕੇ ਉਨ੍ਹਾਂ ਦੀ ਸੰਪਤੀ ਵੀ ਕੁਰਕ ਕਰੇ ਤਾਂ ਕਿ ਸੂਬੇ ਵਿੱਚ ਕੋਈ ਵੀ ਟਰੈਵਲ ਏਜੰਟ ਕਿਸੇ ਜ਼ਰੂਰਤਮੰਦ ਸ਼ਖ਼ਸ ਨੂੰ ਧੋਖਾ ਦੇਣ ਤੋਂ ਪਹਿਲਾਂ ਸੌ ਵਾਰ ਸੋਚੇ।

Leave A Reply

Your email address will not be published.