”ਸਟੇਜਾਂ ਭਾਵੇਂ ਦੋ ਹੋਣ ਜਾਂ 10, ਸ਼ਰਧਾ ਸਹੀ ਹੋਣੀ ਚਾਹੀਦੀ ਐ”

1,204

ਚੰਡੀਗੜ੍ਹ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਲਈ ਦੋਵੇਂ ਦੇਸ਼ਾਂ ਵੱਲੋਂ ਲਾਂਘਾ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਗਿਆ ਹੈ। ਇਸ ਮੌਕੇ ਗੁਰਦਾਸਪੁਰ ਤੋਂ ਭਾਜਪਾ ਦੇ ਸਾਂਸਦ ਅਤੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨੇ ਕਰਤਾਰਪੁਰ ਸਾਹਿਬ ਲਈ ਜਾਣ ਲਈ ਉਤਸ਼ਾਹ ਦਿਖਾਉਂਦਿਆਂ ਆਖਿਆ ਕਿ ਉਹ ਕਰਤਾਰਪੁਰ ਸਾਹਿਬ ਲਈ ਜਾਣ ਲਈ ਬੇਹੱਦ ਉਤਸ਼ਾਹਿਤ ਹਨ। ਦੋ ਸਟੇਜਾਂ ਲਗਾਏ ਜਾਣ ਨੂੰ ਲੈ ਕੇ ਕੀਤੇ ਗਏ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਸਟੇਜਾਂ ਭਾਵੇਂ ਦੋ ਹੋਣ ਜਾਂ 10 ਕੋਈ ਫ਼ਰਕ ਨਹੀਂ ਪੈਂਦਾ, ਸ਼ਰਧਾ ਭਾਵਨਾ ਸਹੀ ਹੋਣੀ ਚਾਹੀਦੀ ਹੈ। ਕਰਤਾਰਪੁਰ ਦਾ ਲਾਂਘਾ ਦੋਵੇਂ ਦੇਸ਼ਾਂ ਲਈ ਸ਼ਾਂਤੀ ਲੈ ਕੇ ਆਵੇਗਾ।

Kartarpur Sahib

ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੇ ਵੀ ਕਿਹਾ ਕਿ ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਵੀ ਅਧਿਕਾਰਤ ਜੱਥੇ ਦਾ ਹਿੱਸਾ ਹੋਣਗੇ। ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਜਾਣ ਵਾਲੇ ਪਹਿਲੇ ਜੱਥੇ ਨੂੰ ਪਹਿਲਾਂ ਹੀ ਸੂਚੀਬੱਧ ਕਰ ਕੀਤਾ ਗਿਆ ਹੈ, ਜਿਸ ਵਿਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਉਨ੍ਹਾਂ 575 ਲੋਕਾਂ ਵਿਚ ਸ਼ਾਮਲ ਨੇ ਜੋ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਵਿਚ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਲੇ ਪਹਿਲੇ ਜੱਥੇ ਦਾ ਹਿੱਸਾ ਹੋਣਗੇ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਪੰਜਾਬ ਦੇ ਸੰਸਦ ਮੈਂਬਰ ਅਤੇ ਵਿਧਾਇਕ ਵੀ ਇਸ ਜੱਥੇ ਦਾ ਹਿੱਸਾ ਹੋਣਗੇ।

ਦੱਸ ਦਈਏ ਕਿ ਕਰਤਾਰਪੁਰ ਸਾਹਿਬ ਦਾ ਲਾਂਘਾਂ 9 ਨਵੰਬਰ ਨੂੰ ਖੁੱਲ੍ਹਣ ਜਾ ਰਿਹਾ ਹੈ ਜਿਸ ਦੇ ਖੁਲ੍ਹਦਿਆਂ ਹੀ ਸਿੱਖਾਂ ਦੀ 75 ਸਾਲਾਂ ਦੀ ਅਰਦਾਸ ਪੂਰੀ ਹੋ ਜਾਵੇਗੀ, ਜਿਸ ਵਿਚ ਪੰਥ ਤੋਂ ਵਿਛੋੜੇ ਗਏ ਗੁਰਧਾਮਾਂ ਦੇ ਦਰਸ਼ਨ ਦੀਦਾਰ ਬਖ਼ਸ਼ਣ ਦੀ ਅਰਦਾਸ ਕੀਤੀ ਜਾਂਦੀ ਹੈ। ਭਾਰਤ ਵਾਲੇ ਪਾਸੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਕਰਨਗੇ ਜਦਕਿ ਪਾਕਿਸਤਾਨ ਵਾਲੇ ਪਾਸੇ ਪਾਕਿਸਤਾਨ ਦੇ ਵਜ਼ੀਰ ਏ ਆਜ਼ਮ ਇਮਰਾਨ ਖ਼ਾਨ ਲਾਂਘੇ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਹੀ ਕਰਤਾਰਪੁਰ ਲਾਂਘੇ ਰਾਹੀਂ ਪਹਿਲਾ ਜਥਾ ਕਰਤਾਰਪੁਰ ਸਾਹਿਬ ਲਈ ਰਵਾਨਾ ਹੋਵੇਗਾ।

 

Leave A Reply

Your email address will not be published.