ਸੁਖਬੀਰ ਦੀ ਰੈਲੀ ਲਈ ਸ਼ੈਡ ‘ਚੋਂ ਬਾਹਰ ਕੱਢੀ ਕਣਕ ‘ਤੇ ਵਰ੍ਹੇ ਬੱਦਲ, 18 ਲੱਖ ਦੀ ਕਣਕ ਭਿੱਜੀ

516

ਫਿਰੋਜ਼ਪੁਰ: ਚਮਕੌਰ ਸਾਹਿਬ ਦੀ ਦਾਣਾ ਮੰਡੀ ਵਿੱਚ ਕਾਂਗਰਸ ਦੀ ਰੈਲੀ ਮਗਰੋਂ ਅਕਾਲੀਆਂ ਨੇ ਵੀ ਫਿਰੋਜ਼ਪੁਰ ਵਿੱਚ ਰੈਲੀ ਕਰਨ ਲਈ ਦਾਣਾ ਮੰਡੀ ਦਾ ਸ਼ੈਡ ਖਾਲੀ ਕਰਵਾ ਦਿੱਤਾ। ਇੱਥੇ ਸੁਖਬੀਰ ਬਾਦਲ ਦੀ ਰੈਲੀ ਲਈ 18.40 ਲੱਖ ਦੀ ਕਣਕ ਖੁੱਲ੍ਹੇ ਅਸਮਾਨ ਹੇਠ ਪਾ ਦਿੱਤੀ ਗਈ ਜਿਸ ‘ਤੇ ਬੱਦਲ ਕਹਿਰਵਾਨ ਹੋ ਗਏ। ਸਾਰੀ ਕਣਕ ਮੀਂਹ ਦੇ ਪਾਣੀ ਨਾਲ ਭਿੱਜ ਗਈ। ਅਧਿਕਾਰੀਆਂ ਦੀ ਲਾਪਰਵਾਹੀ ਕਰਕੇ ਇੱਥੇ ਕਣਕ ਸ਼ੈਡ ਤੋਂ ਬਾਹਰ ਪਈ ਰਹੀ ਤੇ ਸ਼ੈਡ ਹੇਠਾਂ ਲੀਡਰ ਸਿਆਸੀ ਰੋਟੀਆਂ ਸੇਕਦੇ ਰਹੇ।

ਹੈਰਾਨੀ ਵਾਲੀ ਗੱਲ ਹੈ ਕਿ ਮੌਸਮ ਵਿਭਾਗ ਦੀ ਚੇਤਾਵਨੀ ਦੇ ਬਾਵਜੂਦ ਬਾਹਰ ਪਈ ਕਣਕ ਸ਼ੈਡ ਅੰਦਰ ਰੱਖਣੀ ਜ਼ਰੂਰੀ ਨਹੀਂ ਸਮਝੀ ਗਈ। ਨਤੀਜਨ 2 ਹਜ਼ਾਰ ਬੋਰੀ ਕਣਕ ਭਿੱਜ ਗਈ। ਅਕਾਲੀ ਦਲ ਤੋਂ ਮਹਿਜ਼ 10 ਹਜ਼ਾਰ ਰੁਪਏ ਫੀਸ ਵਸੂਲ ਕਰਕੇ ਅਧਿਕਾਰੀਆਂ ਨੇ 18, 40,000 ਰੁਪਏ ਦੀ 2000 ਬੋਰੀਆਂ ਕਣਕ ਬਰਬਾਦ ਹੋਣ ਲਈ ਬਾਹਰ ਰੱਖ ਦਿੱਤੀ।

ਦਰਅਸਲ ਸ਼ੁੱਕਰਵਾਰ ਨੂੰ ਫਿਰੋਜ਼ਪੁਰ ਛਾਉਣੀ ਦੀ ਅਨਾਜ ਮੰਡੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਬਾਦਲ ਦੀ ਚੋਣ ਰੈਲੀ ਹੋਣੀ ਸੀ। ਕਣਕ ਦੀਆਂ ਬੋਰੀਆਂ ਸ਼ੈਡ ਅੰਦਰ ਪਈਆਂ ਸੀ ਪਰ ਸ਼ੁੱਕਰਵਾਰ ਨੂੰ ਰੈਲੀ ਤੋਂ ਪਹਿਲਾਂ ਬੋਰੀਆਂ ਬਾਹਰ ਕੱਢ ਦਿੱਤੀਆਂ ਗਈਆਂ ਸੀ।

ਦੱਸ ਦੇਈਏ ਅਨਾਜ ਦੀ ਖਰੀਦ ਦੀ ਮਿਆਦ ਦੌਰਾਨ ਮੰਡੀ ਵਿੱਚ ਕਿਸੇ ਵੀ ਪ੍ਰੋਗਰਾਮ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਇਸ ਦੇ ਬਾਵਜੂਦ ਮੰਡੀ ਵਿੱਚ ਅਧਿਕਾਰੀਆਂ ਨੇ ਸੁਖਬੀਰ ਬਾਦਲ ਨੂੰ ਰੈਲੀ ਦੀ ਮਨਜ਼ੂਰੀ ਦਿੱਤੀ। ਇਸ ਬਾਰੇ ਜਦੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰੇ ਅਧਿਕਾਰੀ ਇਸ ਮੁੱਦੇ ‘ਤੇ ਗੱਲ ਕਰਨੋਂ ਟਾਲਾ ਵੱਟਦੇ ਰਹੇ।

Leave A Reply

Your email address will not be published.