ਫ਼ਤਹਿਵੀਰ ਨੂੰ ਕੱਢਣ ਵਾਲੇ ਦਾ ਦਾਅਵਾ, ਅਫਸਰ ਮੰਨਦੇ ਤਾਂ ਦੂਜੇ ਦਿਨ ਹੀ ਬੱਚਾ ਹੁੰਦਾ ਬਾਹਰ

45

ਸੰਗਰੂਰ: ਪਿੰਡ ਮੰਗਵਾਲ ਦੇ ਗਰਿੰਦਰ ਸਿੰਘ ਗਿੰਦੀ ਨੇ ਫ਼ਤਹਿਵੀਰ ਨੂੰ ਕੱਢਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। 35 ਸਾਲਾ ਗੁਰਿੰਦਰ ਨੇ ਦੱਸਿਆ ਕਿ ਉਹ 1998 ਤੋਂ ਸਬਮਰਸੀਬਲ ਮੋਟਰਾਂ ਕੱਢਣ ਦਾ ਕੰਮ ਕਰ ਰਿਹਾ ਹੈ। ਉਸ ਦਾ ਦਾਅਵਾ ਹੈ ਕਿ 7 ਜੂਨ ਦੀ ਸਵੇਰ ਹੀ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਇਹ ਕੰਮ ਦੋ ਘੰਟਿਆਂ ‘ਚ ਕਰ ਸਕਦਾ ਹੈ ਪਰ ਉਸ ਦੀ ਗੱਲ ਕਿਸੇ ਨਾ ਸੁਣੀ। ਗਿੰਦੀ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਨਵੇਂ ਬੋਰ ਦੀ ਖੁਦਾਈ ਕਰਨ ‘ਚ ਲੱਗਿਆ ਰਿਹਾ ਤੇ ਸੀਸੀਟੀਵੀ ਫੁਟੇਜ਼ ‘ਤੇ ਵੀ ਨਜ਼ਰ ਰੱਖੀ।

ਗਿੰਦੀ ਨੇ ਕਿਹਾ ਕਿ ਮੈਂ ਦੇਖਿਆ ਕਿ ਤੇਜ਼ੀ ਨਾਲ ਡਿੱਗਣ ਕਰਕੇ ਬੱਚੇ ਦੇ ਕੱਪੜੇ ਤੇ ਬੋਰੀ ਘੁੰਮਣ ਕਰਕੇ ਗੰਢ ਬੰਨ੍ਹੀ ਗਈ ਸੀ। ਮੇਰੇ ਦਿਮਾਗ ‘ਚ ਆਇਆ ਸੀ ਕਿ ਬੱਚੇ ਨੂੰ ਕੱਢਣ ਲਈ ਪਹਿਲਾਂ ਗੰਢ ਖੋਲ੍ਹਣਾ ਜ਼ਰੂਰੀ ਸੀ। 10 ਜੂਨ ਦੀ ਰਾਤ ਨੂੰ ਜਦੋਂ 2:30 ਵਜੇ ਮੀਟਿੰਗ ਹੋ ਰਹੀ ਤਾਂ ਡੀਸੀ ਸੰਗਰੂਰ ਦੇ ਗਨਮੈਨ ਨੇ ਕਿਹਾ ਕਿ ਇਹ ਪਿਛਲੇ ਹਫਤੇ ਡੀਸੀ ਦੀ ਕੋਠੀ ‘ਚ ਫਸੀ ਮੋਟਰ ਕੱਢ ਕੇ ਗਿਆ ਸੀ। ਉਸ ਨੇ ਫੇਰ ਅਧਿਕਾਰੀਆਂ ਤੇ ਮੰਤਰੀ ਨਾਲ ਗੱਲ ਕੀਤੀ।

ਇਸ ਤੋਂ ਬਾਅਦ ਉਸ ਨੇ 4 ਵਜੇ ਆਪਣੇ ਤਿਆਰ ਔਜ਼ਾਰ ਰਾਹੀਂ ਬੋਰਵੈੱਲ ‘ਚ ਪਹਿਲਾ ਟ੍ਰਾਈਲ ਕੀਤਾ ਤੇ ਦੂਜੀ ਵਾਰੀ ‘ਚ ਬੋਰੀ ਬਾਹਰ ਆ ਗਈ ਜਿਸ ਤੋਂ ਆ ਰਹੀ ਬਦਬੂ ਤੋਂ ਸਾਫ਼ ਹੋ ਗਿਆ ਸੀ ਕਿ ਫਤਹਿਵੀਰ ਨਹੀਂ ਰਿਹਾ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਬੱਚਾ 3 ਇੰਚ ਹੋਰ ਹੇਠ ਚਲਾ ਗਿਆ। ਇਸ ਤੋਂ ਬਾਅਦ ਬੋਰਵੈੱਲ ਨਾਲ ਐਨਡੀਆਰਐਫ ਤੇ ਪੁਲਿਸ ਦੀ ਮਦਦ ਨਾਲ ਇੱਕ ਘੇਰਾ ਬਣ ਗਿਆ ਤੇ ਪੁਰਾਣੇ ਬੋਰਵੈੱਲ ਤੋਂ ਉੱਤੇ ਖਿੱਚ ਲਿਆ ਗਿਆ।

Leave A Reply

Your email address will not be published.