‘ਜਲ ਸ਼ਕਤੀ ਅਭਿਆਨ’ ਮਾਨਸਾ ਜ਼ਿਲ੍ਹੇ ਵਿਚ ਧਰਤੀ ਹੇਠਲੇ ਪਾਣੀ ਦੀ ਸੰਭਾਲ ਤੇ ਹੋਵੇਗਾ ਕੇਂਦਰਤ – ਅੰਜਲੀ ਭਾਵੜਾ

114

ਮਾਨਸਾ 08 ਜੁਲਾਈ 2109 : ਪਾਣੀ ਦੇ ਸੋਮਿਆਂ ਦੀ ਸੰਭਾਲ ਅਤੇ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਲਈ ਭਾਰਤ ਸਰਕਾਰ ਵੱਲੋਂ ‘ਜਲ ਸ਼ਕਤੀ ਅਭਿਆਨ’ ਦੀ ਅੱਜ ਜ਼ਿਲ੍ਹਾ ਮਾਨਸਾ ਵਿਚ ਸ਼ੁਰੂਆਤ ਕੀਤੀ ਗਈ। ਇਸ ਸਬੰਧੀ ਅੱਜ ਸਥਾਨਕ ਬੱਚਤ ਭਵਨ ‘ਚ ਬੈਠਕ ਦੀ ਪ੍ਰਧਾਨਗੀ ਕਰਦਿਆਂ ਭਾਰਤ ਸਰਕਾਰ ਦੇ ਸਹਿਕਾਰਤਾ ਵਿਭਾਗ ਦੇ ਐਡੀਸ਼ਨਲ ਸਕੱਤਰ ਸ਼੍ਰੀਮਤੀ ਅੰਜਲੀ ਭਾਵੜਾ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣਾ ਅਤੇ ਪਾਣੀ ਦੀ ਗੁਣਵਤਾ ਬਣਾਈ ਰੱਖਣਾ ਹੈ।

ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ, ਸ੍ਰੀ ਕੇ.ਕੇ. ਝੈਲ ਡਿਪਟੀ ਸਕੱਤਰ, ਸਮਾਜਿਕ ਨਿਆਂ ਮੰਤਰਾਲਾ ਅਤੇ ਹਰਬੀਰ ਸਿੰਘ, ਸੀਨੀਅਰ ਵਿਗਿਆਨੀ ਕੇਂਦਰੀ ਭੂਮੀ ਅਤੇ ਮੈਟੀਰੀਅਲ ਖੋਜ ਕੇਂਦਰ ਵੀ ਇਸ ਬੈਠਕ ‘ਚ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਸ੍ਰੀਮਤੀ ਭਾਵੜਾ ਨੇ ਇਸ ਮੌਕੇ ਇਸ ਪ੍ਰੋਜੈਕਟ ਦੀਆਂ ਵਿਸੇਸ਼ਤਾਵਾਂ ਅਤੇ ਪ੍ਰੋਜੈਕਟ ਦੇ ਟੀਚਿਆਂ ਦੀ ਪ੍ਰਾਪਤੀ ਲਈ ਨਿਰਧਾਰਿਤ ਸਮਾਂਹੱਦ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਡਾ ਉਦੇਸ਼ ਪਾਣੀ ਦੀ ਹਰੇਕ ਬੂੰਦ ਦੀ ਬੱਚਤ ਕਰਨਾ ਹੋਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਤਹਿਤ ਮੀਂਹਾਂ ਦੇ ਪਾਣੀ ਦੀ ਸੰਭਾਲ, ਪ੍ਰੰਪਰਾਗਤ ਪਾਣੀ ਸ੍ਰੋਤਾਂ ਦੀ ਪੂਨਰ ਸੁਰਜੀਤੀ, ਪਾਣੀ ਸੰਭਾਲ ਵਾਲੇ ਤਲਾਬਾਂ, ਛੱਪੜਾਂ ਦੀ ਮੁਰੰਮਤ ਅਤੇ ਨਵੇਂ ਪੌਦੇ ਲਗਾਉਣੇ ਇਸ ਪ੍ਰੋਜੈਕਟ ਦੇ ਮੁੱਖ ਅਧਾਰ ਸਤੰਭ ਹਨ। ਉਨ੍ਹਾਂ ਨੇ ਜ਼ਿਲ੍ਹੇ ਵਿਚ ਪਾਣੀ ਦੀ ਸੰਭਾਲ ਅਤੇ ਜੰਗਲਾਤ ਹੇਠ ਰਕਬਾ ਵਧਾਉਣ ਸਬੰਧੀ ਜ਼ਿਲ੍ਹੇ ‘ਚ ਚੱਲ ਰਹੇ ਸਾਰੇ ਪ੍ਰੋਜੈਕਟਾਂ ਦੀ ਸਮੀਖ਼ਿਆ ਵੀ ਕੀਤੀ। ਏ.ਡੀ.ਸੀ. (ਵ) ਗੁਰਮੀਤ ਸਿੰਘ ਸਿੱਧੂ ਨੇ ਇਸ ਸਬੰਧੀ ਜ਼ਿਲ੍ਹੇ ਦੀ ਰਿਪੋਟ ਪੇਸ਼ ਕਰਦਿਆਂ ਜ਼ਿਲ੍ਹੇ ਦੇ ਦੌਰੇ ‘ਤੇ ਆਈ ਭਾਰਤ ਸਰਕਾਰ ਦੀ ਟੀਮ ਨੂੰ ਦੱਸਿਆ ਕਿ ਜ਼ਿਲ੍ਹੇ ਦੇ 53 ਸਕੂਲਾਂ ‘ਚ ਸ਼ੋਕ ਪਿੱਟ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਸਾਲ 2018–19 ਦੌਰਾਨ ਜ਼ਿਲ੍ਹੇ ‘ਚ 74000 ਪੌਦੇ ਲਗਾਏ ਗਏ ਹਨ।

ਇਸੇ ਤਰ੍ਹਾਂ 38 ਪਿੰਡਾਂ ਵਿਚ ਬੇਕਾਰ ਪਈ ਜਮੀਨ ‘ਤੇ ਪਾਰਕ ਵਿਕਸਤ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਸ੍ਰੀਮਤੀ ਰਿਆਤ ਨੇ ਕਿਹਾ ਕਿ ਸਾਰੇ ਵਿਭਾਗ ਦਿੱਤੇ ਗਏ ਟੀਚਿਆਂ ਦੀ 15 ਸਤੰਬਰ 2019 ਤੱਕ ਪ੍ਰਾਪਤੀ ਯਕੀਨੀ ਬਨਾਉਣ। ਉਨ੍ਹਾਂ ਸਭ ਨੂੰ ਆਪਣੀਆਂ ਅਗਲੀਆਂ ਪੀੜ੍ਹੀਆਂ ਵਾਸਤੇ ਪਾਣੀ ਬਚਾਉਣ ਲਈ ਸੁਹਿਰਦ ਯਤਨ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਮਾਨਸਾ ਦੇ ਐੱਸ.ਡੀ.ਐੱਮ. ਅਭੀਜੀਤ ਕਪਲਿਸ਼, ਬੁਢਲਾਡਾ ਐੱਸ.ਡੀ.ਐੱਮ. ਅਦਿੱਤਿਆ ਡਚਲਵਾਲ, ਸਰਦੂਲਗੜ੍ਹ ਦੇ ਐੱਸ.ਡੀ.ਐੱਮ.

ਲਤੀਫ ਅਹਿਮਦ, ਡੀ.ਡੀ.ਪੀ.ਓ. ਦਿਨੇਸ਼ ਵਸ਼ਿਸ਼ਟ ਤੋਂ ਇਲਾਵਾ ਵੱਖ–ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਬੈਠਕ ਉਪਰੰਤ ਭਾਰਤ ਸਰਕਾਰ ਵੱਲੋਂ ਆਈ ਟੀਮ ਨੇ ਪਿੰਡ ਕੋਟੜਾ ਕਲਾਂ ਵਿਖੇ ਨਵੇ ਸਿੰਚਾਈ ਚੈਨਲ, ਜ਼ਮੀਨੀ ਵਿਕਾਸ ਅਤੇ ਸਿੰਚਾਈ ਪਾਈਪ ਲਾਈਨ ਦਾ ਜਾਇਜ਼ਾ ਲਿਆ। ਟੀਮ ਵੱਲੋਂ ਪਿੰਡ ਖੋਖਰ ਕਲਾਂ ਵਿਖੇ ਰੀਚਾਰਜ ਖੂਹ, ਪਾਰਕ ਅਤੇ ਝੀਲ ਅਤੇ ਪਿੰਡ ਅਸਪਾਲ ਕੋਠੇ ਵਿਖੇ ਬਣੇ ਸੋਕ ਪਿੱਟ, ਸਕੂਲਾਂ ਅਤੇ ਨਿੱਜੀ ਤੌਰ ‘ਤੇ ਬਣਾਏ ਗਏ ਸੋਕ ਪਿੱਟਾਂ ਦਾ ਦੌਰਾ ਕੀਤਾ।

 

Leave A Reply

Your email address will not be published.