ਮਾਨਵਤਾ ਦਾ ਸੱਚਾ ਸੇਵਕ ਤੇ ਸੱਚਾ ਸਿੱਖ-ਰਵੀ ਸਿੰਘ

506

ਖ਼ਾਲਸਾ ਏਡ ਦੁਨੀਆਂ ਪੱਧਰ ਤੇ ਇਕ ਅਜਿਹਾ ਨਾਮ ਬਣ ਗਿਆ ਹੈ ਜਿਸ ਨੇ ਸਿੱਖ, ਸਿੱਖੀ ਅਤੇ ਸਿੱਖੀ ਸਿਧਾਂਤਾਂ ਦੀ ਪਛਾਣ ਦੁਨੀਆਂ ਪੱਧਰ ਤੇ ਬੜੇ ਸਤਿਕਾਰ ਸਹਿਤ ਬਣਾ ਦਿਤੀ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ‘ਚ ਜੇ ਕੋਈ ਵੀ ਕੁਦਰਤੀ ਜਾਂ ਗ਼ੈਰ-ਕੁਦਰਤੀ ਆਫ਼ਤ ਆਉਂਦੀ ਹੈ, ਤਾਂ ਖ਼ਾਲਸਾ ਏਡ ਉਥੋਂ ਦੇ ਲੋਕਾਂ ਨੂੰ ਸਹਾਰਾ ਦੇਣ ਲਈ ਸੱਭ ਤੋਂ ਪਹਿਲਾਂ ਪਹੁੰਚ ਜਾਂਦੀ ਹੈ।

ਭਾਵੇਂ ਵਰ੍ਹਦੀਆਂ ਗੋਲੀਆਂ ਹੋਣ ਜਾਂ ਹੜ੍ਹਾਂ ਦੀ ਮਾਰ ਹੋਵੇ, ਖ਼ਾਲਸਾ ਏਡ ਨੇ ਬਗ਼ੈਰ ਕਿਸੇ ਡਰ ਭੈਅ ਤੋਂ ਅਤੇ ਬਗ਼ੈਰ ਕਿਸੇ ਨਸਲੀ ਭਿੰਨ-ਭੇਦ ਤੋਂ ਉਥੇ ਪਹੁੰਚ ਕੇ ਬਿਪਤਾ ਦੀ ਮਾਰ ਝੱਲ ਰਹੀ ਲੋਕਾਈ ਨੂੰ ਸਾਂਭਿਆ ਹੈ। ਭਾਵੇਂ ਸੀਰੀਆ ਹੋਵੇ ਜਾਂ ਬੰਗਲਾਦੇਸ਼ ਜਾਂ ਫਿਰ ਭਾਰਤ ਦੀ ਮਹਾਂਨਗਰੀ ਮੁੰਬਈ ਹੋਵੇ ਜਾਂ ਕੇਰਲਾ ਹੋਵੇ ਜਾਂ ਫਿਰ ਹਕੂਮਤੀ ਦਹਿਸ਼ਤਗਰਦੀ ਦਾ ਜਬਰ ਝੱਲ ਰਿਹਾ ਕਸ਼ਮੀਰ ਹੋਵੇ, ਇਹ ਸੰਸਥਾ ਰੱਬ ਬਣ ਕੇ ਆ ਬਹੁੜਦੀ ਹੈ। ਜਿੱਥੇ ਵੀ ਮਾਨਵਤਾ ਉਤੇ ਕੋਈ ਭੀੜ ਪਈ, ਇਸ ਸੰਸਥਾ ਨੇ ਅਪਣੇ ਫ਼ਰਜ਼ਾਂ ਤੇ ਡਟ ਕੇ ਪਹਿਰਾ ਦਿਤਾ ਹੈ।ਪਰ ਹੁਣ ਜਦੋਂ ਪੰਜਾਬ ਵਿਚ ਇਸ ਸੰਸਥਾ ਨੇ ਅਪਣੇ ਲੋਕਾਂ ਦੀ ਬਾਂਹ ਆਣ ਫੜੀ ਹੈ ਤਾਂ ਭਾਰਤ ਦੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਡਾਹਢੀ ਪੀੜ ਮਹਿਸੂਸ ਕੀਤੀ ਹੈ।

ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਇਹ ਉਹੀ ਖ਼ਾਲਸਾ ਏਡ ਵਾਲਾ ਰਵੀ ਸਿੰਘ ਹੈ, ਜਿਸ ਨੂੰ ਉਨ੍ਹਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਭਾਰਤ ਦੀ ਕੇਂਦਰ ਸਰਕਾਰ ਵਲੋਂ ਰਵੀ ਸਿੰਘ ਨੂੰ ਭਾਰਤ ਦੇ ਬਹੁਤ ਵੱਡੇ ਪੁਰਸਕਾਰ ਨਾਲ ਸਨਮਾਨਿਤ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਸੀ, ਪਰ ਕੇਂਦਰ ਵਲੋਂ ਪੰਜਾਬ ਅਤੇ ਸਿੱਖ ਕੌਮ ਨਾਲ ਕੀਤੀਆਂ ਵਧੀਕੀਆਂ ਦੇ ਰੋਸ ਵਜੋਂ ਰਵੀ ਸਿੰਘ ਨੇ ਉਹ ਪੁਰਸਕਾਰ ਲੈਣ ਤੋਂ ਸ਼ਰਤਾਂ ਦੇ ਅਧਾਰ ਤੇ ਇਨਕਾਰ ਕਰ ਦਿਤਾ ਸੀ।

ਉਸ ਮੌਕੇ ਰਵੀ ਸਿੰਘ ਨੇ ਕੇਂਦਰ ਦੀ ਸਰਕਾਰ ਨੂੰ ਇਹ ਵੀ ਸਪੱਸ਼ਟ ਤੌਰ ਤੇ ਦੱਸ ਦਿਤਾ ਸੀ ਕਿ ਉਹ ਪੰਜਾਬੀ ਹੈ, ਪਰ ਭਾਰਤੀ ਨਹੀਂ ਹੈ, ਇਸ ਲਈ ਮੇਰੇ ਨਾਂ ਨਾਲ ਸ਼ਬਦ ਭਾਰਤੀ ਨਾ ਲਾਇਆ ਜਾਵੇ। ਅਜਿਹੀਆਂ ਹੋਰ ਵੀ ਕੁੱਝ ਘਟਨਾਵਾਂ ਹਨ ਜਦੋਂ ਰਵੀ ਸਿੰਘ ਨੂੰ ਇਹ ਦਸਣਾ ਪਿਆ ਹੈ ਕਿ ਉਹ ਭਾਰਤੀ ਨਹੀਂ ਹੈ। ਸੋ ਰਵੀ ਸਿੰਘ ਵਲੋਂ ਪੁਰਸਕਾਰ ਨਾ ਲੈਣ ਲਈ ਵਿਖਾਈ ਗਈ ਦ੍ਰਿੜਤਾ ਨੇ ਜਿੱਥੇ ਸਿੱਖ ਹਲਕਿਆਂ ਵਿਚ ਉਨ੍ਹਾਂ ਦਾ ਸਤਿਕਾਰ ਅਤੇ ਕੱਦ ਬਹੁਤ ਉੱਚਾ ਕਰ ਦਿਤਾ ਸੀ, ਉਥੇ ਉਹ ਕੇਂਦਰੀ ਹਕੂਮਤ ਦੀਆਂ ਅੱਖਾਂ ਵਿਚ ਜ਼ਰੂਰ ਰੜਕਣ ਲੱਗ ਪਿਆ ਹੈ,

ਪਰ ਉਹਦੇ ਵਿਸ਼ਵ ਪੱਧਰੀ ਉੱਚੇ ਕੱਦ ਅੱਗੇ ਅਜੇ ਤਕ ਕੇਂਦਰੀ ਹਕੂਮਤ ਬੇਵੱਸ ਜਾਪਦੀ ਹੈ। ਸਰਬੱਤ ਦੇ ਭਲੇ ਦੇ ਸਿੱਖੀ ਸਿਧਾਂਤ ਉਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਵਾਲੀ ਖ਼ਾਲਸਾ ਏਡ ਨੇ ਕਦੇ ਵੀ ਨਸਲ ਵੇਖ ਕੇ ਕਿਸੇ ਦੀ ਮਦਦ ਨਹੀਂ ਕੀਤੀ, ਸਗੋਂ ਪੂਰੇ ਗੁਰੂ ਆਸ਼ੇ ਤੇ ਪਹਿਰਾ ਦਿੰਦਿਆਂ ਸਿਰਫ਼ ਮਾਨਵਤਾ ਦੀ ਭਲਾਈ ਹੀ ਲੋਚੀ ਹੈ। ਇਹ ਵੀ ਕੇਹਾ ਇਤਫ਼ਾਕ ਹੈ ਕਿ ਕਸ਼ਮੀਰ ਅਤੇ ਪੰਜਾਬ ਦੇ ਹੜ੍ਹਾਂ ਦੀ ਸਮੱਸਿਆ ਤੋਂ ਪਹਿਲਾਂ ਜਿਹੜੀ ਖ਼ਾਲਸਾ ਏਡ ਵਰਗੀ ਵਿਸ਼ਵ ਪਧਰੀ ਸੰਸਥਾ ਦੇ ਸਾਰੇ ਪੰਜਾਬੀ ਅਤੇ ਭਾਰਤੀ ਸਿਫ਼ਤਾਂ ਕਰਦੇ ਨਹੀਂ ਸਨ ਥਕਦੇ, ਉਨ੍ਹਾਂ ਨੇ ਹੁਣ ਖ਼ਾਲਸਾ ਏਡ ਤੇ ਉਂਗਲਾਂ ਚੁਕਣੀਆਂ ਸ਼ੁਰੂ ਕਰ ਦਿਤੀਆਂ ਹਨ।

ਇਹ ਸਾਰਾ ਕੁੱਝ ਕਸ਼ਮੀਰ ਅਤੇ ਪੰਜਾਬ ਵਿਚ ਖ਼ਾਲਸਾ ਏਡ ਦੇ ਜ਼ਿਕਰਯੋਗ ਕਾਰਜਾਂ ਤੋਂ ਬਾਅਦ ਸ਼ੁਰੂ ਹੋਇਆ ਹੈ। ਮਾਨਵ ਵਿਰੋਧੀ ਤਾਕਤਾਂ ਨਹੀਂ ਚਾਹੁੰਦੀਆਂ ਕਿ ਪੰਜਾਬ ਅਤੇ ਕਸ਼ਮੀਰ ਦੀ ਮਦਦ ਕਰਨ ਲਈ ਕੋਈ ਅੱਗੇ ਆਵੇ। ਜਦੋਂ ਤੋਂ ਪੰਜਾਬ ਅੰਦਰ ਹੜ੍ਹਾਂ ਮਾਰੇ ਇਲਾਕੇ ਦੇ ਲੋਕਾਂ ਦੀ ਭਲਾਈ ਲਈ ਖ਼ਾਲਸਾ ਏਡ ਨੇ ਜ਼ੁੰਮੇਵਾਰੀ ਨਾਲ ਉਨ੍ਹਾਂ ਪੀੜਤ ਲੋਕਾਂ ਦੇ ਮੁੜ ਵਸੇਬੇ ਦੀ ਜ਼ੁੰਮੇਵਾਰੀ ਅਪਣੇ ਮੋਢਿਆਂ ਤੇ ਲੈ ਲਈ ਹੈ, ਬਹੁਤ ਲੋਕਾਂ ਦੇ ਢਿੱਡੀਂ ਪੀੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।

Leave A Reply

Your email address will not be published.